ਕਿਹਾ-ਪੰਜਾਬ ’ਚ ਗਰੀਬਾਂ, ਆਮ ਲੋਕਾਂ ਤੇ ਕਿਸਾਨਾਂ ’ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹੈ
ਭੈਣ ਕੁਮਾਰੀ ਮਾਇਆਵਤੀ ਨੇ ਪੰਜਾਬ ਦੇ ਬਸਪਾ ਸੰਗਠਨ ਦੇ ਕੰਮਕਾਜ ਦੀ ਸਮੀਖਿਆ ਕੀਤੀ
ਜਲੰਧਰ/ ਚੰਡੀਗੜ੍ਹ (ਹਰਸ਼ਦੀਪ ਸਿੰਘ ਮਹਿਦੂਦਾਂ, ਸੁਖਵਿੰਦਰ ਭੱਟੀ) ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਭੈਣ ਕੁਮਾਰੀ ਮਾਇਆਵਤੀ ਵੱਲੋਂ ਅੱਜ ਮੰਗਲਵਾਰ ਨੂੰ ਦਿੱਲੀ ਵਿਖੇ ਬਸਪਾ ਦੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਯੂਨਿਟ ਦੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਰਬ ਸਮਾਜ ’ਚ ਪਾਰਟੀ ਦੇ ਆਧਾਰ ਨੂੰ ਵਧਾਉਣ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਬਾਰੇ ਰਿਪੋਰਟ ਵੀ ਹਾਸਲ ਕੀਤੀ ਅਤੇ ਬਸਪਾ ਦੀ ਮੂਵਮੈਂਟ ਨੂੰ ਅੱਗੇ ਵਧਾਉਣ ਬਾਰੇ ਜ਼ਰੂਰੀ ਹਦਾਇਤਾਂ ਦਿੱਤੀਆਂ।
ਮੀਟਿੰਗ ਦੌਰਾਨ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਦੇਸ਼ ਭਰ ਵਿੱਚ ਗਰੀਬੀ ਤੇ ਬੇਰੁਜ਼ਗਾਰੀ ਦਾ ਸਭ ਤੋਂ ਮਾੜਾ ਪ੍ਰਭਾਵ ਗਰੀਬਾਂ, ਕਿਰਤੀਆਂ-ਕਾਮਿਆਂ, ਬਹੁਜਨ ਪਰਿਵਾਰਾਂ ਨੂੰ ਚੁੱਕਣਾ ਪੈ ਰਿਹਾ ਹੈ। ਇਹ ਲੋਕ ਰੁਜ਼ਗਾਰ ਲਈ ਭਟਕਦੇ ਫਿਰ ਰਹੇ ਹਨ। ਕੇਂਦਰ ਤੇ ਸੂਬਾ ਸਰਕਾਰਾਂ ਇਨ੍ਹਾਂ ਗੰਭੀਰ ਸਮੱਸਿਆਵਾਂ ਦਾ ਹੱਲ ਕਰਨ ਪ੍ਰਤੀ ਗੰਭੀਰ ਨਹੀਂ ਹਨ। ਸੰਵਿਧਾਨ ਮੁਤਾਬਕ ਇਹ ਸਰਕਾਰਾਂ ਲੋਕਾਂ ਨੂੰ ਰੋਜ਼ੀ-ਰੋਟੀ ਸਮੇਤ ਬੁਨਿਆਦੀ ਸੁਵਿਧਾਵਾਂ ਨਹੀਂ ਦੇ ਸਕੀਆਂ। ਉਨ੍ਹਾਂ ਕਿਹਾ ਕਿ ਦੂਜੇ ਸੂਬਿਆਂ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਵੀ ਆਪਣੇ ਕੰਮਾਂ ਦੀ ਪੜਚੌਲ ਜ਼ਰੂਰ ਕਰ ਲੈਣੀ ਚਾਹੀਦੀ ਹੈ। ਸਿਰਫ ਚੋਣਾਂ ਜਿੱਤ ਲੈਣਾ ਅਸਲ ਟੀਚਾ ਨਹੀਂ ਹੋਣਾ ਚਾਹੀਦਾ।
ਪੰਜਾਬ ਦਾ ਖਾਸ ਤੌਰ ’ਤੇ ਜ਼ਿਕਰ ਕਰਦੇ ਹੋਏ ਭੈਣ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਇਸ ਸੂਬੇ ’ਚ ਗਰੀਬ ਜਨਤਾ ਤੇ ਕਿਸਾਨਾਂ ’ਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਦੂਜੇ ਸੂਬਿਆਂ ਵਾਂਗ ਪੰਜਾਬ ’ਚ ਸਰਕਾਰ ਤਾਂ ਬਦਲੀ ਹੈ, ਪਰ ਇੱਥੇ ਦੇ ਲੋਕਾਂ ਦੇ ਹਾਲਾਤ ਚੰਗੇ ਨਹੀਂ ਹੋ ਸਕੇ ਹਨ। ਇਸੇ ਤਰ੍ਹਾਂ ਹਰਿਆਣਾ ਸੂਬੇ ’ਚ ਭਾਜਪਾ ਸਰਕਾਰ ਦੌਰਾਨ ਹਾਲਾਤ ਹੋਰ ਮਾੜੇ ਹੁੰਦੇ ਜਾ ਰਹੇ ਹਨ। ਆਮ ਲੋਕ ਮੁਸ਼ਕਿਲਾਂ ’ਚ ਘਿਰੇ ਹਨ। ਇਸ ਪਾਸੇ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਸਰਕਾਰਾਂ ਹਰ ਤਰ੍ਹਾਂ ਦੇ ਫਿਰਕੂ ਤੇ ਜਾਤੀਵਾਦੀ ਹੱਥਕੰਡੇ ਵਰਤਦੀਆਂ ਰਹਿੰਦੀਆਂ ਹਨ, ਜੋ ਕਿ ਬਹੁਤ ਚਿੰਤਾਜਨਕ ਹੈ।
ਭੈਣ ਕੁਮਾਰੀ ਮਾਇਆਵਤੀ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਲੋਕਾਂ ਨੂੰ ਆਪਣਾ ਉੱਧਾਰ ਖੁਦ ਕਰਨ ਲਈ ਸ਼ੋਸ਼ਿਤ ਤੋਂ ਸ਼ਾਸਕ ਵਰਗ ਬਣਨ ਦਾ ਉੱਤਰ ਪ੍ਰਦੇਸ਼ ਦੇ ਲੋਕਾਂ ਵਰਗਾ ਜਜ਼ਬਾ ਤੇ ਜੋਸ਼ ਆਪਣੇ ਅੰਦਰ ਪੈਦਾ ਕਰਨਾ ਚਾਹੀਦਾ ਹੈ, ਤਾਂ ਹੀ ਸੰਵਿਧਾਨ ਦਾ ਸਹੀ ਮਾਨਵਤਾਵਾਦੀ ਤੇ ਕਲਿਆਣਕਾਰੀ ਟੀਚਾ ਦੇਸ਼ ਤੇ ਦੂਜੇ ਸੂਬਿਆਂ ’ਚ ਪੂਰਾ ਹੋ ਸਕੇਗਾ।
ਭੈਣ ਕੁਮਾਰੀ ਮਾਇਆਵਤੀ ਨੇ 6 ਦਸੰਬਰ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਪਰਿਿਨਰਵਾਣ ਦਿਵਸ ਨੂੰ ਮਨਾਉਣ ਬਾਰੇ ਵੀ ਦਿਸ਼ਾ ਨਿਰਦੇਸ਼ ਦਿੱਤੇ। ਇਸਦੇ ਨਾਲ ਹੀ ਉਨ੍ਹਾਂ ਨੇ ਦਿੱਲੀ ਦੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਕੋਲ ਹੋਏ ਧਮਾਕੇ ਦੀ ਘਟਨਾ ਦੀ ਨਿੰਦਾ ਕੀਤੀ ਅਤੇ ਇਸ ਘਟਨਾ ’ਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਦੀ ਜਾਨ-ਮਾਲ ਤੇ ਮਜ਼ਹਬ ਦੀ ਸੁਰੱਖਿਆ ਦੀ ਪੂਰੀ ਗਾਰੰਟੀ ਯਕੀਨੀ ਬਣਾਏ।
ਇਸ ਮੀਟਿੰਗ ਦੌਰਾਨ ਬਸਪਾ ਦੇ ਰਾਸ਼ਟਰੀ ਸੰਯੋਜਕ ਆਕਾਸ਼ ਆਨੰਦ, ਰਾਸ਼ਟਰੀ ਉਪਪ੍ਰਧਾਨ ਆਨੰਦ ਕੁਮਾਰ, ਕੇਂਦਰੀ ਕੋਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ, ਪੰਜਾਬ ਇੰਚਾਰਜ ਪ੍ਰਤਾਪ ਸਿੰਘ, ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ, ਸੂਬਾ ਕੋਆਰਡੀਨੇਟਰ ਪ੍ਰਜਾਪਤੀ ਅਜੀਤ ਸਿੰਘ ਭੈਣੀ, ਕੁਲਦੀਪ ਸਿੰਘ ਸਰਦੂਲਗੜ੍ਹ, ਚੌਧਰੀ ਗੁਰਨਾਮ ਸਿੰਘ ਤੇ ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਠੇਕੇਦਾਰ ਹਰਭਜਨ ਸਿੰਘ ਬਜਹੇੜੀ, ਬਲਜੀਤ ਸਿੰਘ ਸਲਾਨਾ ਤੇ ਓਮ ਪ੍ਰਕਾਸ਼, ਸੂਬਾ ਕੈਸ਼ੀਅਰ ਪਰਮਜੀਤ ਮੱਲ, ਹਰਭਜਨ ਸਿੰਘ ਦੁਲਮਾ, ਜਗਤਾਰ ਸਿੰਘ ਕੈਂਥ ਤੋਂ ਇਲਾਵਾ ਪਾਰਟੀ ਦੀ ਸੂਬਾ, ਜ਼ਿਲ੍ਹਾ ਅਤੇ ਵਿਧਾਨਸਭਾ ਪੱਧਰ ਦੀ ਲੀਡਰਸ਼ਿਪ ਵੀ ਮੌਜ਼ੂਦ ਸੀ।


No comments
Post a Comment